
ਪੰਜ ਕਕਾਰ
ਸਿੱਖੀ ਦੀ ਨਿਸ਼ਾਨੀ ਪੰਜ ਕਕਾਰ ਹਨ । ਇਨ੍ਹਾਂ ਵਿਚੋਂ ਜੇ ਕੋਈ ਚਾਹੇ ਕਿ ਮੈਂ ਮੁਆਫ ਕਰਾ ਲਵਾਂ ਭਾਵ ਨਾ ਧਾਰਨ ਕਰਾਂ ਤਾਂ ਕਦੇ ਵੀ ਕਿਸੇ ਇਕ ਕਕਾਰ ਦੀ ਵੀ ਮੁਆਫੀ ਨਹੀਂ ਮਿਲ ਸਕਦੀ ।
ੴ ਵਾਹਿਗੁਰੂ ਜੀ ਕੀ ਫਤਹਿ॥ ਸ੍ਰੀ ਮੁਖਵਾਕ ਪਾ: ੧੦॥
ਨਿਸ਼ਾਨਿ ਸਖੀ ਈਂ ਪੰਜ ਹਰਛਿ ਅਸਤ ਕਾਫ਼ ਹਰਗਿਜ਼ ਨਾ ਬਾਸ਼ਦ ਪੰਜ ਮੁਆਫ ॥
ਸਤਿਗੁਰੂ ਜੀ ਦੁਆਰਾ ਬਖ਼ਸ਼ੇ ਹੋਏ ਇਨ੍ਹਾਂ ਪੰਜ ਕਕਾਰਾਂ ਦੀ ਮਹਾਨਤਾ ਅਕਥਨੀਯ ਹੈ । ਪੰਜ ਕਕਾਰਾਂ ਨੂੰ ਸਰੀਰ ਤੋਂ ਇਕ ਪਲ ਵੀ ਅਲੱਗ ਨਹੀਂ ਕਰਨਾ । ਕੰਘਾ, ਕੜਾ, ਕੇਸ, ਕ੍ਰਿਪਾਨ, ਕਛਹਿਰਾ ਇਨ੍ਹਾਂ ਪੰਜਾਂ ਕਕਾਰਾਂ ਨੂੰ ਆਪਣੀ ਜਿੰਦ ਜਾਨ ਅਤੇ ਸਰੀਰਕ ਅੰਗਾਂ ਤੋਂ ਵੀ ਵੱਧ ਪਿਆਰੇ ਸਮਝਣਾ ਹੈ।
'ਕੜਾ ਕਾਰਦੇ ਕੱਛ ਕੰਘੇ ਬਿਦਾਂ ॥
ਬਿਨਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ॥' (ਪਾਤਸ਼ਾਹੀ ੧੦)
ਅਰਥਾਤ ਜੇ ਕੜਾ ਕ੍ਰਿਪਾਨ, ਕਛਹਿਰਾ, ਕੰਘਾ ਹੋਵੇ ਪਰ ਕੇਸਾਂ ਤੋਂ ਬਿਨਾਂ ਇਹ ਸਾਰੇ ਨਿਸ਼ਾਨ ਬਿਅਰਥ ਹਨ । ਭਾਵ ਕੇਸ ਵੀ ਨਾਲ ਰੱਖਣੇ ਅਤਿਅੰਤ ਜ਼ਰੂਰੀ ਹਨ।
ਪੰਜ ਕਕਾਰ ਸਰੀਰ ਅਤੇ ਮਨ ਨੂੰ ਘੜਨ ਵਾਸਤੇ ਹਨ। ਹਰ ਚੀਜ਼ ਜਿਵੇਂ ਮਰਯਾਦਾ ਵਿਚ ਹੀ ਠੀਕ ਰਹਿੰਦੀ ਹੈ ਇਉਂ ਸਰੀਰ ਨੂੰ ਮਰਯਾਦਾ ਵਿਚ ਚਲਾਉਣ ਵਾਸਤੇ ਅਤੇ ਮਨ ਮਰਜ਼ੀ ਨੂੰ ਨਿਸ਼ਚਿਤ ਸੇਧ ਦੇਣ ਵਾਸਤੇ ਗੁਰੂ ਸਾਹਿਬ ਜੀ ਨੇ ਸਿੰਘਾਂ ਸਿੰਘਣੀਆਂ ਨੂੰ ਪੰਜਾਂ ਕਕਾਰਾਂ ਰਾਹੀਂ ਨਿਯਮ ਵਿਚ ਲਿਆਂਦਾ । ਕੋਈ ਵੀ ਚੀਜ਼ ਬਿਨਾਂ ਨਿਯਮ ਤੋਂ ਹੈ ਉਹ ਨੁਕਸਾਨਦਾਇਕ ਹੁੰਦੀ ਹੈ, ਜਿਵੇਂ ਪਾਣੀ ਰੋਕਣ ਵਾਸਤੇ ਬੰ, ਘੋੜੇ ਨੂੰ ਰੋਕਣ ਵਾਸਤੇ ਲਗਾਮ, ਪਸ਼ੂਆਂ ਦੇ ਨੱਬ ਅਤੇ ਮਸ਼ੀਨਰੀ ਨੂੰ ਕੰਟਰੋਲ ਕਰਨ ਵਾਸਤੇ ਬਰੇਕਾਂ ਹਨ। ਇਵੇਂ ਦਸਵੇਂ ਪਾਤਸ਼ਾਹ ਜੀ ਨੇ ਸਾਡੇ ਮਨਾਂ ਵਿਚੋਂ ਉੱਠ ਰਹੇ ਵਿਸ਼ੇ ਵਿਕਾਰਾਂ ਅਤੇ ਮਨ ਦੇ ਵੇਗਾਂ ਨੂੰ ਰੋਕਣ ਵਾਸਤੇ ਸਾਨੂੰ ਇਹ ਕਕਾਰ ਬਖਸ਼ੋ । ਜਿਨ੍ਹਾਂ ਨੂੰ ਹਰ ਵਕਤ ਧਾਰਨ ਨਾਲ ਹਰ ਸਮੇਂ ਫੁਰਨਿਆਂ ਤੇ ਕਾਬੂ ਰਹੇ । ਪੰਜ ਕਕਾਰਾਂ ਰੂਪੀ ਵਾੜ ਸ਼ੁਭ ਗੁਣਾਂ ਰੂਪੀ ਖੇਤੀ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਪਸ਼ੂਆਂ ਤੋਂ ਬਚਾਉਂਦੀ ਰਹੇ।
ਗੁਰਸਿੱਖ ਨੂੰ ਗੁਰੂ ਕੀ ਦੱਸੀ ਮਰਯਾਦਾ ਅਨੁਸਾਰ ਹੀ ਚੱਲਣਾ ਚਾਹੀਦਾ ਹੈ- :
ਗੁਰਸਿੱਖ ਮੀਤ ਚਲੇਹੁ ਗੁਰੂ ਚਾਲੀ ॥
ਜੋ ਗੁਰੂ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥ (੬੬੭)
0 Comments: